ਦੋ ਪਲ ਦੀ ਹੈ ਜ਼ਿੰਦਗੀ,ਮੌਤ ਹਜ਼ਾਰਾਂ ਸਾਲ।
ਮੈਂ ਕਿਉਂ ਨਾ ਸੁਲਝਾਂ ਸਮੇਂ ਦੀਆਂ ਤਾਰਾਂ ਨਾਲ?
ਸੰਵਰਨਾ ਤੇ ਬਿਖਰਨਾ ਕਿਸਮਤ ਦਾ ਹੈ ਖੇਲ,
ਜੋ ਇਹ ਆਖੇ ਉਸ ਦੀ ਦੇਵਾਂ ਪੱਗ ਉੱਛਾਲ।
ਰਾਹ ਨੂੰ ਦੇ ਹੁਣ ਰੌਸ਼ਨੀ ਛੱਡ ਬੰਸਰੀ ਦੀ ਕੂਕ,
ਗਾ ਮੁਕਤੀ ਦਾ ਗੀਤ ਤੂੰ ਤੁਰ ਸੂਰਜ ਦੇ ਨਾਲ।
ਪੀਲੀਆਂ ਜੋਕਾਂ ਦਾ ਰੱਤ ਫਿੱਕਾ ਦੇਖੋ ਪਾਣੀਉਂ,
ਦੇਖੋ ਵਾਰਿਸ਼ ਧਰਤ ਦੇ ਮੁੜਕੇ ਦਾ ਰੰਗ ਲਾਲ।
ਅੱਗ ਏਨੀ ਕਿ ਸਾੜੀਏ ਰੰਗਲੇ ਸ਼ੀਸ਼ ਮਹੱਲ,
ਤੇਹ ਏਨੀ ਕਿ ਪੀ ਜਾਈਏ ਸਾਗਰ ਦਾ ਉੱਛਾਲ।
ਲੋਕੀਂ ਕਿੰਝ ਨਪੀੜਨੇ ਕਰਨੇ ਕਿੰਝ ਹਲਾਲ
ਰਲ ਮਿਲ ਕੇ ਵਿੱਚ ਸੰਸਦਾਂ ਖੇਡਣ ਭੇਡੂ ਚਾਲ।
ਚੁੱਲੇ ਠੰਢੇ ਸੌਂ ਗਏ ਗਗਨੀ ਚੜ ਗਈ ਦਾਲ
ਛਾਤੀ ਪਿਚਕੀ ਮਾਵਾਂ ਦੀ,ਭੁੱਖੇ ਵਿਲਕਣ ਬਾਲ
ਜੋ ਕਵੀਆਂ ਤੋਂ ਅੱਥਰੂ ਨਾ ਬਣਦੇ ਲਲਕਾਰ,
ਵਿੱਚ ਦਵਾਤਾਂ ਡੋਬ ਦਿਓ ਕਲਮਾਂ ਦੇਵੋ ਜਾਲ।





