Tuesday, October 13, 2009

ਜਸ਼ਨ ਤਰੱਕੀ ਦੇ

ਜਸ਼ਨ ਤਰੱਕੀ ਦੇ ਲਹੂ ਦੀ ਕੀਮਤ ਉੱਤੇ ਜਰਦਾ ਰਿਹਾ।
ਦੇਸ਼ ਤਾਂ ਖੁਸ਼ਹਾਲ ਹੋਇਆ, ਚੁੱਲਾ ਮੇਰਾ ਠਰ੍ਹਦਾ ਰਿਹਾ।

ਵਸਤੂ ਦੀ ਵਧ ਗਈ ਕਦਰ,ਸਸਤਾ ਹੋ ਗਿਆ ਆਦਮੀ,
ਭੁੱਖ ਸਾਹਵੇਂ ਜੀਣ ਦੀਆਂ ਬਾਜ਼ੀਆਂ ਨਿੱਤ ਹਰਦਾ ਰਿਹਾ।

ਡਾਰ ਚਿਰਾਗਾਂ ਦੀ ਰੱਖ ਆਏ ਜਿਸ ਬਨੇਰੇ 'ਤੇ ਬਾਲ ਕੇ,
ਉੱਲੂਆਂ ਨੂੰ ਹਰਦਮ ਖਿਆਲ ਕਿੰਨਾ ਉਸ ਘਰ ਦਾ ਰਿਹਾ।

ਹੈ ਹਰਿਆਲੀ ਕਿਸੇ ਹੋਰ ਥਾਂ,ਕਿਨਾਰੇ ਕਿਸੇ ਹੋਰ ਦੇ ਖੁਰੇ,
ਆਇਆ ਪਾਣੀ ਹੋਰ ਥਾਵੋਂ,ਮੀਂਹ ਹੋਰ ਥਾਵੇਂ ਵਰ੍ਹਦਾ ਰਿਹਾ।

ਆਖਰ ਲਾ ਮਹਿੰਦੀ,ਵਟਣਾ ਮਲ, ਲਿਆ ਬਦਲ ਪਿੰਜਰਾ,
ਖੰਭ ਵੀ ਸਨ,ਨੈਣੀਂ ਪਰਵਾਜ਼ ਦਾ ਸੁਪਨਾ ਤਰਦਾ ਰਿਹਾ ।

ਕੀ ਦੱਸਾਂ ਹਾਲ-ਏ-ਆਲਮ,ਹਰ ਸਖ਼ਸ ਹਿੱਪੀ ਹੋ ਗਿਆ,
ਨਗਨ ਹੋਣ ਦੀ ਹੈ ਦੌੜ,ਜਿਸਮ ਉੱਤੇ ਨਾ ਪਰਦਾ ਰਿਹਾ।

ਰਹਿਬਰ ਸੀ ਪੱਥਰ,ਮੇਰਾ ਰਹਿਨੁਮਾਂ ਪੁਜਾਰੀ ਹੋ ਗਿਆ ,
ਸੰਗ ਹਨੇਰੇ ਹੋ ਚਗਲੇ ਸੱਵਾਦਾਂ ਦੀ ਹਾਮੀ ਭਰਦਾ ਰਿਹਾ।

ਤਿਲਕ,ਟੋਪੀ,ਭਗਵੇਂ ਚੋਲੇ ਵੱਸ ਪਾ ਦਿੱਤਾ ਇਨਸਾਨ ,
ਰੋਟੀ ਦੀ ਥਾਂ ਮੰਦਰ,ਮਸਜਿਦ ਦਾ ਫਿਕਰ ਕਰਦਾ ਰਿਹਾ।

ਵਸੀਹਤ ਕਰਾਈ ਨਈਓਂ,ਰੁਕ ਜਾਵੇ ਨਾ ਸਾਹ ਬਾਪੂ ਦਾ ,
ਸਿਰਹਾਣੇ ਬੈਠੇ ਵਾਰਸਾਂ ਦਾ ਐਵੇਂ ਨਾ ਦਿਲ ਖ਼ਰਦਾ ਰਿਹਾ!

ਹਨੇਰੇ ਦੀ ਸ਼ਰਤ ਇਹ,ਹੋ ਹਾਵੋ ਕਤਲ ਸ਼ਾਂਤ ਰਹਿ ਕੇ ,
ਖਿੱਚ ਲਵੋ ਜ਼ੁਬਾਨ,ਜੋ ਜਿਉਣ ਦੀ ਹਿੰਮਤ ਕਰਦਾ ਰਿਹਾ।

ਹਾਂ ਸੋਚਾਂ ਵਿੱਚ ਸੁਲਗਦੇ,ਵਾਂਗ ਜੁਗਨੂੰਆਂ ਬਲਣਾ ਸਿੱਖੋ ,
ਚੀਰ ਦਿਓ ਗਰਦਿਸ਼ਾਂ,ਕਦ ਤਾਈਂ ਚੰਨ 'ਤੇ ਪਰਦਾ ਰਿਹਾ।

No comments:

Post a Comment