Sunday, September 6, 2009

ਇੱਕ ਚੰਨ

ਇੱਕ ਚੰਨ ਰੋਜ਼ ਰਾਤ ਨੂੰ ਅਸਮਾਨੀਂ ਚੜ੍ਹਦਾ।
ਇੱਕ ਚੰਨ ਆ ਮੇਰਿਆਂ ਖਿਆਲਾਂ ਚ ਵੜਦਾ।

ਚੰਨ ਹੀ ਤਾਂ ਚੰਨ ਦੀਆਂ ਸੱਭੇ ਰਮਜ਼ਾਂ ਪਛਾਣੇ,
ਚੰਨ ਹੀ ਤਾਂ ਚੰਨ ਵਾਲੇ ਗੁੱਝੇ ਭੇਦ ਪੜ੍ਹਦਾ।

ਦੋਨੋ ਚੰਨ ਹੀ ਉਦਾਸ ਨੇ,ਇੱਕ ਖਾਮੋਸ਼ ਤੱਕੇ,
ਇੱਕ ਡੁੱਬੇ ਝਨਾਂ ਚ,ਕਦੇ ਥਲਾਂ ਚ ਸੜਦਾ।

ਉਸ ਚੰਨ ਦੀ ਹੋਂਦ ਤੋਂ ਹੋ ਜਾਵਾਂ ਕਿਵੇਂ ਮੁਨਕਰ,
ਜੋ ਜਿੱਤਾਂ ਹਾਰਾਂ ਚ ਸਦਾ ਮੇਰੇ ਨਾਲ ਖੜਦਾ।

ਇੱਕ ਚੰਨ ਦੀਆਂ ਰਿਸ਼ਮਾਂ ਚੋਰੀ ਹੋ ਗਈਆਂ,
ਇੱਕ ਚੰਨ ਸੌਂ ਗਿਆ ਰਾਤੀਂ ਕਰ ਕੇ ਪਰਦਾ।

ਰਾਤ ਦੀ ਬੁੱਕਲ ਹੀ ਰਹਿਣ ਦੇ ਪਨਾਹ ਮੇਰੀ,
ਸੂਰਜਾਂ ਦੀ ਛਾਂਵੇ ਕੌਣ ਮੇਰਾ ਜਿਕਰ ਕਰਦਾ।

ਮਹਿਫ਼ਲ ਚ ਚੰਨ ਬਣਿਆਂ ਹੀ ਮਹਿਫ਼ੂਜ ਹਾਂ,
ਐਵੇਂ ਮੇਰੇ ਟੋਏ ਟਿੱਬਿਆਂ ਦਾ ਫਿਕਰ ਕਰਦਾ।

ਠੰਢੇ ਬੁਰਜ਼ ਦੀ ਨੁੱਕਰੇ ਸੌਂ ਜਾ ਮੇਰੇ ਚੰਨ ਵੇ,
ਖੂਨ ਡੁੱਲਿਆਂ ਤੋਂ ਦੀਵਾਰਾਂ ਦਾ ਸੀਨਾ ਠਰਦਾ।

No comments:

Post a Comment