Wednesday, August 26, 2009

ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ

ਵੇ ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ ।
ਬਦਲੇ ਜਦੋਂ ਵੀ ਇਹ ਮੌਸਮ,ਤੂੰ ਬਦਲ ਜਾਇਆ ਕਰ ।

ਪਾਸੇ ਖੜ੍ਹ ਕੇ ਲੋਕਾਂ ਵਾਂਗੂੰ ਤੂੰ ਦੇਖਿਆ ਕਰ ਹਾਦਸੇ,
ਵੇ ਇਉਂ ਨਾ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ।।

ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,
ਤੂੰ ਜੰਗਲ ਨੂੰ,ਮੁਕਤੀ ਦੇ ਨਾ ਗੀਤ ਸੁਣਾਇਆ ਕਰ ।

ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ ,
ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ।

ਜੋ ਠੋਕਰ ਦੇ ਕਾਬਲ ਵੀ ਨਹੀਂ ਸੀ, ਦੇਵਤਾ ਹੋ ਗਿਆ,
ਨਾ ਪੱਥਰ ਤਰਾਸ਼ ਕੇ, ਮੰਦਰੀਂ ਸਜਾਇਆ ਕਰ ।

ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ ,
ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ।

ਯਾਰ ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ,
ਨਾ ਖੁਦ ਹੀ ਜਲਿਆ ਕਰ, ਨਾ ਦੀਪ ਜਲਾਇਆ ਕਰ ।

1 comment:

  1. ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ ।
    ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ।

    bahut sohni kavita hai...lagda hai iddan karna kaafi oukha hai...vaise dil te na laan wali gall bahut pasand ayee...jeen layee bahut achhi dwa hai

    ReplyDelete