Monday, August 10, 2009

ਦਹਿਕਦੇ ਹਰਫ਼ੋ

ਗ਼ਜ਼ਲ

ਸੂਹੇ ਦਹਿਕਦੇ ਹਰਫ਼ੋ ਬਹਿ ਜਾਓ ਚੁੱਪ ਕਰਕੇ।
ਇਲਮਾਂ ਵਾਲੇ ਮਾਪਣਗੇ ਬਹਿਰ ਪੈਮਾਨੇ ਫੜਕੇ।

ਆਪੇ ਨੂੰ ਮਿਲਣਾ ਪੈਂਦਾ,ਆਪੇ ਨੂੰ ਹੀ ਤਰਕੇ।
ਵਜੂਦ ਸਾਡੇ ਦੇ ਯਾਰੋ,ਪਏ ਖਿੱਲਰੇ ਨੇ ਵਰਕੇ ।

ਹਾਂ ਕਿਰਤੀ ਮੰਡੀ ਦੇ ਉਜਰਤੀ ਮਜ਼ਦੂਰ ਅਸੀ,
ਰੋਜ਼ ਹੀ ਵਿਕਦੇ ਹਾਂ ਲੇਬਰ ਚੌਂਕ ਵਿੱਚ ਖੜ੍ਹਕੇ ।

ਗੱਲ ਆਪਣੀ ਸੁਣਾ,ਨਾ ਛੇੜ ਸਾਡੇ ਦਰਦਾਂ ਨੂੰ,
ਰੱਖੀਏ ਮਸ਼ੀਨਾਂ ਰਵਾਂ ਖੁਦ ਭੋਰਾ ਭੋਰਾ ਮਰਕੇ ।

ਇਹਨਾਂ ਚਿਮਨੀਆਂ ਦੇ ਧੂਏਂ ਨੂੰ ਪੁਛਿਓ ਜ਼ਰਾ,
ਸਾਡੇ ਸਾਹ ਕਿੰਨੇ ਰਲੇ ਨੇ,ਇਸ ਵਿੱਚ ਖ਼ਰਕੇ।

ਸ਼ੀਸ਼ੇ ਦੇ ਮਹਿਲ ਜਦੋਂ ਵੀਂ ਮੂੰਹ ਚਿੜਾਉਣ ਸਾਡਾ,
ਕੱਢੀਏ ਗਾਲ ਕਰਮਾਂ ਨੂੰ ਲੰਬਾ ਹਉਕਾ ਭਰਕੇ ।

ਹਬਸੀ ਵਿਹੜੇ ਚ,ਭੁੱਖ ਦਾ ਤਾਂਡਵ ਹੋ ਰਿਹਾ,
ਕਦ ਤਾਂਈਂ ਉਹ ਰੱਖਦੀ ਜੋਬਨ ਬਾਹੀਂ ਭਰਕੇ।

ਸਿਰ ਧੌਣੋ ਜੇ ਲਹਿ ਜਾਂਦਾ,ਗੱਲ ਹੋਰ ਹੋਣੀ ਸੀ,
ਇਹ ਤਾਂ ਆ ਗਏ ਨੇ ਸਿਰ ਕਦਮਾਂ ਉੱਤੇ ਧਰਕੇ।

ਲਫ਼ਜਾਂ ਦੇ ਜਾਦੂਗਰ,ਕਵੀ ਬਹੁਤ ਮਸ਼ਹੂਰ ਨੇ,
ਖੁਦ ਨੂੰ ਪਰਚਾਉਂਦੇ,ਖੁਦ ਹੀ ਨਜ਼ਮਾਂ ਪੜ੍ਹਕੇ।

ਧਰਵਾਸ ਦਿੰਦੇ ਨੇ ਦਿਲ ਨੂੰ ਉਜਾਲਿਆਂ ਦਾ,
ਰੋਜ਼ ਰਾਤਾਂ ਨੂੰ ਗੱਲਾਂ ਜੁਗਨੂੰਆਂ ਦੀਆਂ ਕਰਕੇ ।

ਇਨਕਲਾਬਾਂ ਨੂੰ ਮੁੜ ਦੁਹਰਾਏਗਾ ਇਤਿਹਾਸ ,
ਅੱਗ ਦੇ ਸਫ਼ਿਆਂ ਉੱਤੇ,ਹਰਫ ਲਹੂ ਦੇ ਧਰਕੇ ।

No comments:

Post a Comment