Friday, July 3, 2009

ਧੀ ਦੀ ਪੜਚੋਲ

ਮਾਏ ਨੀ ਮਾਏ ਨੈਣਾਂ ਮੇਰਿਆਂ ‘ਚ ਰੜ੍ਹਕ ਰਵੇ ।
ਨਿੱਕੀ ਜਿਹੀ ਜਿੰਦ ਨਿਮਾਣੀ ਕੀ ਕੀ ਦਰਦ ਸਵੇ।
ਮਾਏ ਨੀ ਮਾਏ,,,,,,,,,,


ਮੇਰੇ ਜੰਮਣ ਤੇ ਘਰ ਦੀਆਂ ਨੀਹਾਂ ਕਿਉਂ ਕੰਬੀਆਂ ?
ਬਾਬਲ ਦੇ ਦਿਲ ਉੱਤੇ ਫਿਰ ਗਈਆਂ ਕਿਉਂ ਰੰਬੀਆਂ?
ਹਾਏ!ਟਹਿਣੀਆਂ ਬੂਹੇ ਅੱਗੇ ਨਿਮ ਦੀਆਂ ਨਾ ਟੰਗੀਆਂ,
ਦੱਸ ਨੀ ਤੂੰ ਦੱਸ ਨੀ ਮਾਏ, ਕਿਉਂ ਤੂੰ ਵੰਡੇ ਨਾ ਮੇਵੇ ?
ਮਾਏ ਨੀ ਮਾਏ,,,,,,,,,,,


ਸੱਧਰਾਂ ਤੇ ਚਾਵਾਂ ਨੂੰ ਮੈਂ ਸੀਨੇ ਲਿਆ ਦੱਬ ਸੀ ,
ਮੁੱਲ ਦਾ ਜਦ ਮਾਹੀਆ ਲਿਆ ਮੇਰੇ ਲਈ ਲੱਭ ਸੀ,
ਹਾਏ!ਬਾਬਲ ਦੀ ਪੱਗ ਵਾਲੀ ਇਹਦੇ ਸਿਰ ਲੱਜ ਸੀ,
ਤੁਰਦੀ ਹੋਈ ਡੋਲੀ ਨੂੰ,ਘਰ ਵਾਲੀ ਦਹਿਲੀਜ ਕਵੇ।
ਮਾਏ ਨੀ ਮਾਏ,,,,,,,,,,


ਆਦਮ ਯੁੱਗ ਦੀ ਇੱਕ ਦਿਨ ਮੈਂ ਪਟਰਾਣੀ ਸੀ ,
ਰੂਹ ਦਾ ਜਦ ਮਿਲਦਾ ਮੈਨੂੰ ਵੀ ਹਾਣੀ ਸੀ,
ਹਾਏ!ਮੇਰੀ ਗੁਲਾਮੀ ਵਾਲੀ ਅਜਬ ਕਹਾਣੀ ਸੀ,
ਜਦ ਮਰਦ ਬਣਾਈ ਜੁੱਤੀ,ਜੀ ਕੀਤਾ ਭੋਗ ਲਵੇ।
ਮਾਏ ਨੀ ਮਾਏ,,,,,,,,,,,,


ਮੰਨਾ ਨਾ ਕਰਮਾਂ ਨੂੰ,ਕਿਸਮਤ ਦੀ ਬਾਤ ਨਾ ਪਾਈਂ,
ਹਰ ਇੱਕ ਸੱਚ ਤੋਂ ਜਾਵਾਂ ਮੈਂ ਪਰਦਾ ਹਟਾਈਂ ,
ਹਾਏ!ਚੰਡੀ ਮੈਂ ਬਣ ਜਾਣਾ,ਪੁਟਾਂਗੀ ਜੁਲਮਾਂ ਤਾਈਂ,
ਮੇਰਾ ਅਸਮਾਨ ਹੋਵੇਗਾ, ਉੱਗਦੀ ਹੋਈ ਰੌਸ਼ਨੀ ਕਵੇ।
ਮਾਏ ਨੀ ਮਾਏ,,,,,,,,,


ਬਾਬਲ ਦੀ ਪੱਗ ਵਾਲੀ ਮੇਰੇ ਸਿਰ ਲੱਜ ਕਿਉਂ?
ਵੀਰੇ ਮੇਰੇ ਨੂੰ ਕੋਈ ਵੀ ਕਿਉਂ ਕੁਝ ਨਾ ਕਵੇ ।
ਮਾਏ ਨੀ ਮਾਏ ਨੈਣਾਂ ਮੇਰਿਆਂ ‘ਚ ਰੜ੍ਹਕ ਰਵੇ ।
ਨਿੱਕੀ ਜਿਹੀ ਜਿੰਦ ਨਿਮਾਣੀ ਕੀ ਕੀ ਦਰਦ ਸਵੇ।
ਮਾਏ ਨੀ ਮਾਏ,,,,,,,,,,

No comments:

Post a Comment