Monday, July 20, 2009

ਬੱਦਲੀ

ਬੱਦਲੀ

ਬੱਦਲੀ ਫੇਰ ਵਰ੍ਹ ਰਹੀ ਹੈ
ਉੱਛਲਦੇ ਸਮੁੰਦਰ ਉੱਤੇ
ਬੱਦਲੀ ਏਸੇ ਭਰਮ ‘ਚ ਹੈ
ਕਿ ਉਹ ਬੁਝਾ ਰਹੀ ਹੈ
ਸਮੁੰਦਰ ਦੀ ਪਿਆਸ
ਰੋਮ ਰੋਮ ਸਮਾ ਰਹੀ ਹੈ
ਸਮੁੰਦਰ ਦੇ ਵਜੂਦ ਅੰਦਰ
ਬੱਦਲੀ ਨੂੰ ਨਹੀਂ ਪਤਾ
ਕਿ ਰੋਜ਼ ਹੀ ਸਮੁੰਦਰ
ਨਿਗਲ਼ ਜਾਂਦਾ ਹੈ ਵਜੂਦ
ਕਿੰਨੀਆਂ ਬੱਦਲੀਆਂ ਦਾ
ਬੱਦਲੀ ਤਾਂ ਏਸੇ ਭਰਮ ‘ਚ ਹੈ
ਕਿ ਸਮੁੰਦਰ ਨੂੰ ਹੈ ਤੜਫ
ਉਸਦੇ ਮਿਲਾਪ ਦੀ
ਬੱਦਲੀ ਤਾਂ ਏਸੇ ਭਰਮ ‘ਚ ਹੈ
ਕਿ ਪਿਆਸ ਬੁਝਾਉਣ ਦਾ ਅਰਥ
ਕਿਸੇ ਤੇ ਬਰਸ਼ ਜਾਣਾ ਹੈ
ਕਾਸ਼ ਬੱਦਲੀ ਵਰ੍ਹ ਜਾਂਦੀ
ਇੱਕ ਵਾਰ ਤਪਦੇ ਮਾਰੂਥਲ ਤੇ
ਜਾਣ ਜਾਂਦੀ ਪਿਆਸ ਦੇ ਅਰਥ
ਬੱਦਲੀ ਜਾਣ ਜਾਂਦੀ
ਕਿ ਪਿਆਸ ਬੁਝਾਉਣ ਲਈ
ਕਿੰਨਾਂ ਜਰੂਰੀ ਹੁੰਦਾ ਹੈ
ਆਪਣੇ ਵਜੂਦ ਦਾ ਕਾਇਮ ਹੋਣਾ
ਤੇ ਬੱਦਲੀ ਇਹ ਵੀ ਜਾਣ ਜਾਂਦੀ
ਕਿ ਹਬਸ ਤੇ ਪਿਆਸ ‘ਚ
ਹੁੰਦੈ ਕਿੰਨਾਂ ਅੰਤਰ ।
ਬੱਦਲੀ ਫੇਰ ਵਰ੍ਹ ਰਹੀ ਹੈ
ਉੱਛਲਦੇ ਸਮੁੰਦਰ ਉੱਤੇ:::::::::।

1 comment:

  1. Manjeet Ji,
    Ajj tuhad site visit keeta and really liked your style and thoughts. Mansa has a lot of precious and thoughtful folks like you and Gurpreet. Please keep up the good work.
    Cheers,
    Gurinderjit

    ReplyDelete